ਰਾਤ ਚਾਨਣੀ ਮੈਂ ਟੁਰਾਂ
ਮੇਰਾ ਨਾਲ ਟੁਰੇ ਪਰਛਾਵਾਂ
ਜਿੰਦੇ ਮੇਰੀਏ ।
ਗਲੀਏ ਗਲੀਏ ਚਾਨਣ ਸੁੱਤੇ
ਮੈਂ ਕਿਸ ਗਲੀਏ ਆਵਾਂ
ਜਿੰਦੇ ਮੇਰੀਏ ।
ਠੀਕਰ-ਪਹਿਰਾ ਦੇਣ ਸੁਗੰਧੀਆਂ
ਲੋਰੀ ਦੇਣ ਹਵਾਵਾਂ
ਜਿੰਦੇ ਮੇਰੀਏ ।
ਮੈਂ ਰਿਸ਼ਮਾਂ ਦਾ ਵਾਕਫ਼ ਨਾਹੀਂ
ਕਿਹੜੀ ਰਿਸ਼ਮ ਜਗਾਵਾਂ
ਜਿੰਦੇ ਮੇਰੀਏ ?
ਜੇ ਕੋਈ ਰਿਸ਼ਮ ਜਗਾਵਾਂ ਅੜੀਏ
ਡਾਢਾ ਪਾਪ ਕਮਾਵਾਂ
ਜਿੰਦੇ ਮੇਰੀਏ ।
ਡਰਦੀ ਡਰਦੀ ਟੁਰਾਂ ਨਿਮਾਣੀ
ਪੋਲੇ ਪੱਬ ਟਿਕਾਵਾਂ
ਜਿੰਦੇ ਮੇਰੀਏ ।
ਸਾਡੇ ਪੋਤੜਿਆਂ ਵਿਚ ਬਿਰਹਾ
ਰੱਖਿਆ ਸਾਡੀਆਂ ਮਾਵਾਂ
ਜਿੰਦੇ ਮੇਰੀਏ ।
ਚਾਨਣ ਸਾਡੇ ਮੁੱਢੋਂ ਵੈਰੀ
ਕੀਕਣ ਅੰਗ ਛੁਹਾਵਾਂ
ਜਿੰਦੇ ਮੇਰੀਏ ?
ਰਾਤ ਚਾਨਣੀ ਮੈਂ ਟੁਰਾਂ
ਮੇਰਾ ਨਾਲ ਟੁਰੇ ਪਰਛਾਵਾਂ
ਜਿੰਦੇ ਮੇਰੀਏ ।
ਗਲੀਏ ਗਲੀਏ ਚਾਨਣ ਸੁੱਤੇ
ਮੈਂ ਕਿਸ ਗਲੀਏ ਆਵਾਂ
ਜਿੰਦੇ ਮੇਰੀਏ ।