1. ਪੁੱਛਦੀ-ਪੁਛਾਂਦੀ ਮਾਲਣ ਗਲੀ ‘ਚ ਆਈ
ਪੁੱਛਦੀ-ਪੁਛਾਂਦੀ ਮਾਲਣ ਗਲੀ ‘ਚ ਆਈ,
ਸ਼ਾਦੀ ਵਾਲਾ ਘਰ ਕਿਹੜਾ।
ਉੱਚੜੇ ਤੰਬੂ ਮਾਲਣ ਸਬਜ਼ ਕਨਾਤਾਂ,
ਸ਼ਾਦੀ ਵਾਲਾ ਘਰ ਇਹੋ।
ਆ, ਮੇਰੀ ਮਾਲਣ, ਬੈਠ ਦਲ੍ਹੀਜੇ,
ਕਰ ਨੀ ਸਿਹਰੇ ਦਾ ਮੁੱਲ।
ਇੱਕ ਲੱਖ ਚੰਬਾ ਦੋ ਲੱਖ ਮਰੂਆ,
ਤ੍ਰੈ ਲੱਖ ਸਿਹਰੇ ਦਾ ਮੁੱਲ।
ਲੈ ਮੇਰੀ ਮਾਲਣ, ਬੰਨ੍ਹ ਨੀ ਸਿਹਰਾ,
ਬੰਨ੍ਹ ਨੀ ਲਾਲ ਜੀ ਦੇ ਮੱਥੇ।
ਹਰਿਆ ਨੀ ਮਾਲਣ, ਹਰਿਆ ਨੀ ਭੈਣੇ ।
ਹਰਿਆ ਤੇ ਭਾਗੀਂ ਭਰਿਆ ।
2. ਚੁਗ ਲਿਆਇਉ ਚੰਬਾ ਤੇ ਗੁਲਾਬ ਜੀ
ਚੁਗ ਲਿਆਇਉ ਚੰਬਾ ਤੇ ਗੁਲਾਬ ਜੀ, ਚੁਗ ਲਿਆਇਉ,
ਜੀ ਗੁੰਦ ਲਿਆਇਉ ਸਿਰਾਂ ਦੇ ਜੀ ਸਿਹਰੇ ।
ਇਹਦੀ ਨਾਰ ਚੰਬੇ ਦੀ ਤਾਰ ਜੀ, ਚੁਗ ਲਿਆਇਉ,
ਜੀ ਗੁੰਦ ਲਿਆਇਉ ਸਿਰਾਂ ਦੇ ਜੀ ਸਿਹਰੇ ।
ਵੀਰਾ ਕੀ ਕੁਝ ਪੜ੍ਹਦੀਆਂ ਸਾਲੀਆਂ,
ਵੀਰਾ ਕੀ ਕੁਝ ਪੜ੍ਹੇ ਤੇਰੀ ਨਾਰ ਜੀ, ਚੁਗ ਲਿਆਇਉ,
ਜੀ ਗੁੰਦ ਲਿਆਇਉ ਸਿਰਾਂ ਦੇ ਜੀ ਸਿਹਰੇ ।’
ਭੈਣੇ ਸਾਲੀਆਂ ਪੜ੍ਹਦੀਆਂ ਪੋਥੀਆਂ
ਮੇਰੀ ਨਾਰ ਪੜ੍ਹੇ ਦਰਬਾਰ ਜੀ, ਚੁਗ ਲਿਆਇਉ,
ਜੀ ਗੁੰਦ ਲਿਆਇਉ ਸਿਰਾਂ ਦੇ ਜੀ ਸਿਹਰੇ ।
ਵੀਰਾ ਕੀ ਕੁਝ ਕੱਢਣ ਤੇਰੀਆਂ ਸਾਲੀਆਂ,
ਵੀਰਾ ਕੀ ਕੁਝ ਕੱਢੇ ਤੇਰੀ ਨਾਰ ਜੀ, ਚੁਗ ਲਿਆਇਉ,
ਜੀ ਗੁੰਦ ਲਿਆਇਉ ਸਿਰਾਂ ਦੇ ਜੀ ਸਿਹਰੇ ।
ਭੈਣੇ ਸਾਲੀਆਂ ਕੱਢਦੀਆਂ ਚਾਦਰਾਂ
ਮੇਰੀ ਨਾਰ ਕੱਢੇ ਜੀ ਰੁਮਾਲ ਜੀ, ਚੁਗ ਲਿਆਇਉ,
ਜੀ ਗੁੰਦ ਲਿਆਇਉ ਸਿਰਾਂ ਦੇ ਜੀ ਸਿਹਰੇ ।
ਚੁਗ ਲਿਆਇਉ ਚੰਬਾ ਤੇ ਗੁਲਾਬ ਜੀ, ਚੁਗ ਲਿਆਇਉ,
ਜੀ ਗੁੰਦ ਲਿਆਇਉ ਸਿਰਾਂ ਦੇ ਜੀ ਸਿਹਰੇ ।